Tuesday, September 13, 2011

चलो हम भी मिलें जिस्मों से परे
इसी जग में कहीं, रस्मों से परे
लफ़्ज़ों में कहीं, कसमों से परे
चलो हम भी मिलें जिस्मों से परे

जहां आसमान के दरिया में
इक कंकर दे कर मारूँ मैं
फिर तारे झर-झर कर के गिरें
और चाँद को दिल में उतारूं मैं
रस्मों से परे, कसमों से परे
लफ़्ज़ों में कहीं, सपनों में कहीं
चलो हम भी मिलें, जिस्मों से परे

जहां कैनवास के रंगों में
तुम मुझको उतार के ले आओ
मैं रोज़ सफ़र में रहती हूँ
तुम मुझ को पुकार के ले आओ
लफ़्ज़ों में कहीं, सपनों में कहीं
रस्मों से परे, कसमों से परे
चलो हम भी मिलें, जिस्मों से परे

तुम अपने लफ़्ज़ों में छुप कर
रेशम में पिरो लेना मुझको
और अपने प्यार की बारिश में
थोडा सा भिगो देना मुझको

यूं ही चलते हम चले जाएँगे
गैरों से परे, अपनों से परे
रस्मों से परे, कसमों से परे
लफ़्ज़ों में कहीं, सपनों में कहीं
चलो हम भी मिलें, जिस्मों से परे


-रेनू-

Wednesday, May 12, 2010

ਪਰਛਾਵੇਂ

ਪਰਛਾਵੇਂ

ਆਪਣੇ ਹੀ ਵਜੂਦ ਦੇ

ਨਾਲ-ਨਾਲ

ਤੁਰਦੇ ਪਰਛਾਂਵੇਂ

ਹਨੇਰਿਆਂ ਵਿੱਚ

ਸਾਥ ਛੱਡਣ ਲਈ

ਬਦਨਾਮ ਪਰਛਾਂਵੇ

ਪਰ

ਕੋਈ ਪਰਛਾਂਵਿਆਂ ਨੂੰ ਵੀ ਦੱਸੇ

ਕਿ

ਕੀ ਹਨੇਰੇ

ਪਰਛਾਵਿਆਂ ਦੀ

ਮਰਜ਼ੀ ਨਾਲ ਹੁੰਦੇ ਨੇ??

Tuesday, April 6, 2010

ਸੰਸਾਰ ਕੰਡਿਆਂ ਦਾ


ਇੱਕ ਰਾਤ ਸੀ ਸਿਆਹੀ

ਫੁੱਲਾਂ ਦੀ ਕਰਦਿਆਂ ਵਾਹੀ

ਸੀ ਹੱਥ ਮੇਰੇ ਲੱਗਿਆ

ਸੰਸਾਰ ਕੰਡਿਆਂ ਦਾ



ਕੰਡਿਆਂ ਨਾ' ਪਿਆਰ ਪਾਇਆ

ਹਰ ਚੋਭ ਨੂੰ ਹੰਡਾਇਆ

ਬੜਾ ਹੀ ਖੂਬਸੂਰਤ

ਸੰਸਾਰ ਕੰਡਿਆਂ ਦਾ



ਕੰਡੇ ਰਹੇ ਵਿਚਾਰੇ

ਫੁੱਲ ਹੀ ਨੇ ਸਭ ਨੂੰ ਪਿਆਰੇ

ਹੈ ਕੌਣ ਏਸ ਜਗ ਤੇ

ਦਿਲਦਾਰ ਕੰਡਿਆਂ ਦਾ



ਫੁੱਲ ਸੀ ਸਦਾ ਪਰਾਏ

ਹਿੱਸੇ 'ਚ ਕੰਡੇ ਆਏ

ਖੁਦ ਨੂੰ ਹੀ ਮੈਂ ਬਣਾਇਆ

ਹਕ਼ਦਾਰ ਕੰਡਿਆਂ ਦਾ



ਪੋਟੇ ਚੋਂ ਖੂਨ ਸਿੰਮਦਾ

ਮਿੱਟੀ 'ਚ ਰਿਹਾ ਰਮਦਾ

ਔਖਾ ਬੜਾ ਨਿਭਾਨਾ

ਮੋਹ-ਪਿਆਰ ਕੰਡਿਆਂ ਦਾ



ਕੰਡੇ 'ਚ ਜੋ ਸਬਰ ਹੈ

ਉਹੀ ਜੀਣ ਦਾ ਹੁਨਰ ਹੈ

ਕੰਡੇ ਨੇ ਯਾਰ ਮੇਰੇ

ਮੈਂ ਯਾਰ ਕੰਡਿਆ ਦਾ

Thursday, January 28, 2010

ਸੁਨੇਹਾ

ਨਵੀਂ ਭੌਰ
ਨਵੀਆਂ ਉਮੰਗਾਂ
ਨਵੇਂ ਚਾਅ
ਨਵੇਂ ਸੰਕਲਪ
ਨਵੀਂਆਂ ਸ਼ੁਰੁਆਤਾਂ
ਨਵਾਂ ਸਾਲ
ਇੱਕ ਸੁਨੇਹਾ
ਜੀਵਨ ਦੇ
ਨਵੇਂ ਉਤਾਰ-ਚੜ੍ਹਾਅ
ਨਵੇਂ ਸੰਘਰਸ਼
ਅਤੇ
ਨਵੇਂ ਸਿਰਜਨ ਦੇ ਨਾਮ ...

Monday, November 9, 2009

ਅੰਤਿਮ ਅਰਦਾਸ


ਐ ਰੂਹੋ !

ਐ ਵਿਛੜੀਓ ਰੂਹੋ !!

ਤੁਹਾਡਾ ਇੰਝ ਬਾਰ ਬਾਰ

ਮੇਰੇ ਆਲੇ ਦੁਆਲੇ ਘੁੰਮਨਾ

ਸਾਬਿਤ ਕਰਦਾ ਹੈ

ਕਿ ਤੁਹਾਡੇ ਵੱਲ ਮੇਰਾ ਇੱਕ ਫ਼ਰਜ਼

ਅਜੇ ਬਾਕੀ ਹੈ

ਅੱਜ ਜੋ ਮੈਂ

ਆਯੋਜਨ ਕਰ ਰਹੀ ਹਾਂ

ਉਸ ਤੋਂ ਬਾਦ

ਤੁਹਾਡੇ ਮੇਰੇ ਸਭ ਲੈਣ ਦੇਣ

ਮੁੱਕ ਜਾਣੇ ਚਾਹੀਦੇ ਹਨ

ਪਰਮਾਤਮਾ ਤੁਹਾਡੀ ਵਰਗੀਆਂ ਰੂਹਾਂ ਨੂੰ

ਸ਼ਾਂਤੀ ਬਖਸ਼ੇ

ਆਪਣੀ ਚਰਣੀਂ ਲਾਵੇ

ਆਹੀ ਹੋ ਸਕਦੀ ਹੈ

ਮੇਰੀ ਤੁਹਾਡੇ ਲਈ

ਅੰਤਿਮ ਅਰਦਾਸ!!

Wednesday, September 16, 2009

ਤੇਰੀ ਗੈਰ-ਹਾਜ਼ਰੀ ਵੇਲੇ

ਤੇਰੀ ਗੈਰ-ਹਾਜ਼ਰੀ ਵੇਲੇ
ਮੈਂ ਆਪਣੇ ਆਪ ਵਿੱਚੋ ਮਨਫੀ ਹੋ ਕੇ
ਤੇਰੀਆਂ ਖੁਸ਼ਬੋਈਆਂ ਨਾਲ
ਜੋੜ ਘਟਾਓ ਕਰਦੀ
ਮਹਿਕ ਉਠਦੀ ਹਾਂ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਖਿਆਲਾਂ ਤੋਂ ਅਲਾਵਾ
ਕੋਈ ਹੋਰ ਖਿਆਲ ਜਦ ਵੀ
ਮੇਰੇ ਜ਼ਹਿਨ ਦੀ ਲਛਮਣ ਰੇਖਾ
ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ
ਭਸਮ ਹੋ ਜਾਂਦਾ ਹੈ
ਖੁਦ ਹੀ, ਜਲ ਕੇ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਦਿੱਤੇ ਸੁਫਨਿਆਂ ਨੂੰ
ਮੈਂ ਸਲਾਈਆਂ ਤੇ ਜੋੜੇ ਜੋੜੇ ਵਾਂਗ ਬੁਣ
ਤੇਰੀ ਹਕੀਕਤਾਂ ਦੇ ਮੇਚ ਦਾ
ਕਰ ਹੀ ਦਿੰਦੀ ਹਾਂ

ਤੇਰੀ ਗੈਰ-ਹਾਜ਼ਰੀ ਵੇਲੇ
ਕਾਲੀਆਂ ਘਣਘੋਰ ਘਟਾਵਾਂ
ਕਈ ਵਾਰ ਅੱਖਾਂ ਰਾਹੀਂ
ਵੱਸ ਵੀ ਜਾਂਦੀਆਂ ਨੇ
ਪਰ ਮਨ-ਮਯੂਰ
ਪੈਲਾਂ ਜਰੂਰ ਪਾ ਜਾਂਦਾ ਹੈ

ਤੇਰੀ ਗੈਰ-ਹਾਜ਼ਰੀ ਵੇਲੇ
ਸੰਧੂਰੀ ਸ਼ਾਮ ਢਲਦੇ ਢਲਦੇ
ਮੱਸਿਆ ਦੀ ਕਾਲੀ ਰਾਤ ਵਿਚ
ਬੜੀ ਵਾਰੀ ਤਬਦੀਲ ਹੁੰਦੀ ਹੈ
ਪਰ ਉਹੀ ਸੰਧੂਰੀ ਰੰਗ
ਅਗਲੀ ਸਵੇਰ
ਮੇਰੇ ਬੂਹੇ
ਦਸਤਕ ਜਰੂਰ ਦਿੰਦਾ ਹੈ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਪਾਏ ਪੂਰਨਿਆਂ ਤੇ
ਇੰਨ ਬਿੰਨ ਲਿਖਣ ਦੇ ਕੋਸ਼ਿਸ਼ ਵਿਚ
ਕਈ ਵਾਰ ਮੇਰੀ ਕਲਾਮ
ਬਹਿਕ ਵੀ ਜਾਂਦੀ ਹੈ
ਪਰ ਤੇਰੇ ਪਾਏ ਪੂਰਨੇ
ਮੈਨੂੰ ਹਰ ਵਾਰ
ਸੇਧ ਦਿੰਦੇ ਨੇ

ਤੇਰੀ ਗੈਰ-ਹਾਜ਼ਰੀ ਵੇਲੇ
ਮੈਂ ਆਪਣੇ ਅੰਦਰ ਉੱਡ ਰਹੀਆਂ
ਤਿਤਲੀਆਂ ਦੇ ਖੰਭਾਂ ਨੂੰ
ਤੇਰੀ ਗੈਰ-ਹਾਜ਼ਰੀ ਦੀ ਬੇਵਸੀ ਦਾ
ਜਾਲ ਪਾ ਕੇ
ਕੋਨੇ ਲੱਗ ਕੇ ਬਹਿਨ ਨੂੰ
ਮਜਬੂਰ ਕਰ ਦਿੰਦੀ ਹਾਂ
ਪਰ ਤਿਤਲੀਆਂ ਦੇ ਪਰ
ਆਪਣੀ ਹੀ ਕਿਸੇ ਬੇਵਸੀ ਨੂੰ
ਫੜਫੜਾਉਂਦੇ ਰਹਿੰਦੇ ਨੇ

ਤੇਰੀ ਗੈਰ-ਹਾਜ਼ਰੀ ਵੇਲੇ
ਮਨ ਦੇ ਕੈਨਵਸ ਤੇ
ਮੁੱਠਾਂ ਭਰ ਭਰ ਰੰਗੇ ਰੋੜਦੀ ਹਾਂ
ਤੇ ਅਚਨਚੇਤ ਜਿਹੇ ਹੀ
ਤੇਰੀ ਹੀ ਤਸਵੀਰ ਉਭਰ ਆਉਂਦੀ ਹੈ

ਕਸਤੂਰੀ ਦਾ ਵਾਸ ਤਾਂ
ਆਪਣੇ ਹੀ ਅੰਦਰ ਹੁੰਦਾ ਹੈ
ਫੇਰ ਪਤਾ ਨੀ ਕਿਓਂ ਮੈਂ ਤੈਨੂੰ
ਖੁਸ਼ਬੂਆਂ 'ਚ
ਖਿਆਲਾਂ 'ਚ
ਹੰਝੂਆਂ 'ਚ
ਹਾਸਿਆਂ 'ਚ
ਰੰਗਾਂ 'ਚ
ਹਰਫਾਂ 'ਚ
ਭਾਲਦੀ ਰਹਿੰਦੀ ਹਾਂ
ਤੇਰੀ ਗੈਰ-ਹਾਜ਼ਰੀ ਵੇਲੇ ........

Thursday, June 11, 2009

ਮੌਲਾ ਜੇ ਤੌਫੀਕ ਦੇਵੇ............

ਜ਼ਿੰਦਗੀ ਅਲਗ ਅਲਗ ਰੰਗਾਂ ਵਿੱਚ ਮਿਲਦੀ ਹੈ, ਉਨ੍ਹਾਂ ਵਿੱਚੋਂ ਕੁੱਛ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਹੈ..........

ਸੰਗਦੀ ਸੰਗਾਉਂਦੀ ਮਿਲੀ
ਰਵਾਉਂਦੀ ਜਾਂ ਹਸਾਉਂਦੀ ਮਿਲੀ
ਖ਼ਾਰਾਂ ਉੱਤੇ ਫੁੱਲਾਂ ਦੀਆਂ
ਪੱਤੀਆਂ ਸਜਾਉਂਦੀ ਮਿਲੀ

ਯਾਰੀਆਂ ਪੁਗਾਉਂਦੀ ਮਿਲੀ
ਰੁੱਸੇ ਨੂੰ ਮਨਾਉਂਦੀ ਮਿਲੀ
ਦਗਾ ਦੇਣ ਵਾਲਿਆਂ ਨੂੰ
ਦਿਲੋਂ ਵੀ ਇਹ ਲਾਹੁੰਦੀ ਮਿਲੀ

ਦੇਵੇ ਹੌਕਾ ਉਨ੍ਹਾਂ ਨੂੰ ਜੋ
ਦੂਰ ਮਜਬੂਰ ਨੇ
ਪਾਲੇ ਹੋਏ ਸੱਪਾਂ ਦੇ ਇਹ
ਜ਼ਹਿਰ ਮੁਕਾਉਂਦੀ ਮਿਲੀ

ਮੇਰੀਆਂ ਉਡੀਕਾਂ ਨੂੰ ਜੇ
ਬੂਰ ਪਵੇ ਵਸਲਾਂ ਦਾ
ਦੂਰੀਆਂ ਦਾ ਉਦੋਂ ਹੀ ਇਹ
ਸੂਲ ਚੁਭਾਉਂਦੀ ਮਿਲੀ

ਮਿਲੀ ਹਰ ਸ਼ਾਮ ਮੈਨੂੰ
ਰੁੱਖਾਂ ਦੀਆਂ ਸ਼ਾਖਾਂ ਉੱਤੇ
ਹਰ ਸੁਬਹਾ ਬੱਚਿਆਂ ਨੂੰ
ਚੋਗ ਚੁਗਾਉਂਦੀ ਮਿਲੀ

ਮੌਲਾ ਜੇ ਤੌਫੀਕ ਦੇਵੇ
ਉਹਦੀ ਹੀ ਰਜ਼ਾ 'ਚ ਚੱਲਾਂ
ਉਸੇ ਦੀ ਹੀ ਹਾਂ ਦੇ ਵਿੱਚ
ਹਾਂ ਇਹ ਰਲਾਉਂਦੀ ਮਿਲੀ

ਕਲਮ ਮੇਰੀ ਨੂੰ ਰੱਬਾ
ਬਲ ਮਿਲੇ, ਛਲ ਨਹੀ
ਮਾਲਕਾ ਇਹ ਅੱਠੋ ਪਹਿਰ
ਤੇਰੇ ਗੁਣ ਗਾਉਂਦੀ ਮਿਲੀ


-ਰੇਣੂ-