Wednesday, September 16, 2009

ਤੇਰੀ ਗੈਰ-ਹਾਜ਼ਰੀ ਵੇਲੇ

ਤੇਰੀ ਗੈਰ-ਹਾਜ਼ਰੀ ਵੇਲੇ
ਮੈਂ ਆਪਣੇ ਆਪ ਵਿੱਚੋ ਮਨਫੀ ਹੋ ਕੇ
ਤੇਰੀਆਂ ਖੁਸ਼ਬੋਈਆਂ ਨਾਲ
ਜੋੜ ਘਟਾਓ ਕਰਦੀ
ਮਹਿਕ ਉਠਦੀ ਹਾਂ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਖਿਆਲਾਂ ਤੋਂ ਅਲਾਵਾ
ਕੋਈ ਹੋਰ ਖਿਆਲ ਜਦ ਵੀ
ਮੇਰੇ ਜ਼ਹਿਨ ਦੀ ਲਛਮਣ ਰੇਖਾ
ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ
ਭਸਮ ਹੋ ਜਾਂਦਾ ਹੈ
ਖੁਦ ਹੀ, ਜਲ ਕੇ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਦਿੱਤੇ ਸੁਫਨਿਆਂ ਨੂੰ
ਮੈਂ ਸਲਾਈਆਂ ਤੇ ਜੋੜੇ ਜੋੜੇ ਵਾਂਗ ਬੁਣ
ਤੇਰੀ ਹਕੀਕਤਾਂ ਦੇ ਮੇਚ ਦਾ
ਕਰ ਹੀ ਦਿੰਦੀ ਹਾਂ

ਤੇਰੀ ਗੈਰ-ਹਾਜ਼ਰੀ ਵੇਲੇ
ਕਾਲੀਆਂ ਘਣਘੋਰ ਘਟਾਵਾਂ
ਕਈ ਵਾਰ ਅੱਖਾਂ ਰਾਹੀਂ
ਵੱਸ ਵੀ ਜਾਂਦੀਆਂ ਨੇ
ਪਰ ਮਨ-ਮਯੂਰ
ਪੈਲਾਂ ਜਰੂਰ ਪਾ ਜਾਂਦਾ ਹੈ

ਤੇਰੀ ਗੈਰ-ਹਾਜ਼ਰੀ ਵੇਲੇ
ਸੰਧੂਰੀ ਸ਼ਾਮ ਢਲਦੇ ਢਲਦੇ
ਮੱਸਿਆ ਦੀ ਕਾਲੀ ਰਾਤ ਵਿਚ
ਬੜੀ ਵਾਰੀ ਤਬਦੀਲ ਹੁੰਦੀ ਹੈ
ਪਰ ਉਹੀ ਸੰਧੂਰੀ ਰੰਗ
ਅਗਲੀ ਸਵੇਰ
ਮੇਰੇ ਬੂਹੇ
ਦਸਤਕ ਜਰੂਰ ਦਿੰਦਾ ਹੈ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਪਾਏ ਪੂਰਨਿਆਂ ਤੇ
ਇੰਨ ਬਿੰਨ ਲਿਖਣ ਦੇ ਕੋਸ਼ਿਸ਼ ਵਿਚ
ਕਈ ਵਾਰ ਮੇਰੀ ਕਲਾਮ
ਬਹਿਕ ਵੀ ਜਾਂਦੀ ਹੈ
ਪਰ ਤੇਰੇ ਪਾਏ ਪੂਰਨੇ
ਮੈਨੂੰ ਹਰ ਵਾਰ
ਸੇਧ ਦਿੰਦੇ ਨੇ

ਤੇਰੀ ਗੈਰ-ਹਾਜ਼ਰੀ ਵੇਲੇ
ਮੈਂ ਆਪਣੇ ਅੰਦਰ ਉੱਡ ਰਹੀਆਂ
ਤਿਤਲੀਆਂ ਦੇ ਖੰਭਾਂ ਨੂੰ
ਤੇਰੀ ਗੈਰ-ਹਾਜ਼ਰੀ ਦੀ ਬੇਵਸੀ ਦਾ
ਜਾਲ ਪਾ ਕੇ
ਕੋਨੇ ਲੱਗ ਕੇ ਬਹਿਨ ਨੂੰ
ਮਜਬੂਰ ਕਰ ਦਿੰਦੀ ਹਾਂ
ਪਰ ਤਿਤਲੀਆਂ ਦੇ ਪਰ
ਆਪਣੀ ਹੀ ਕਿਸੇ ਬੇਵਸੀ ਨੂੰ
ਫੜਫੜਾਉਂਦੇ ਰਹਿੰਦੇ ਨੇ

ਤੇਰੀ ਗੈਰ-ਹਾਜ਼ਰੀ ਵੇਲੇ
ਮਨ ਦੇ ਕੈਨਵਸ ਤੇ
ਮੁੱਠਾਂ ਭਰ ਭਰ ਰੰਗੇ ਰੋੜਦੀ ਹਾਂ
ਤੇ ਅਚਨਚੇਤ ਜਿਹੇ ਹੀ
ਤੇਰੀ ਹੀ ਤਸਵੀਰ ਉਭਰ ਆਉਂਦੀ ਹੈ

ਕਸਤੂਰੀ ਦਾ ਵਾਸ ਤਾਂ
ਆਪਣੇ ਹੀ ਅੰਦਰ ਹੁੰਦਾ ਹੈ
ਫੇਰ ਪਤਾ ਨੀ ਕਿਓਂ ਮੈਂ ਤੈਨੂੰ
ਖੁਸ਼ਬੂਆਂ 'ਚ
ਖਿਆਲਾਂ 'ਚ
ਹੰਝੂਆਂ 'ਚ
ਹਾਸਿਆਂ 'ਚ
ਰੰਗਾਂ 'ਚ
ਹਰਫਾਂ 'ਚ
ਭਾਲਦੀ ਰਹਿੰਦੀ ਹਾਂ
ਤੇਰੀ ਗੈਰ-ਹਾਜ਼ਰੀ ਵੇਲੇ ........