Thursday, December 25, 2008

ਅੱਖਰਾਂ ਦਾ ਅਪਮਾਨ

ਅੱਖਰਾਂ ਦੇ ਅਰਥ

ਵਿਆਕਰਣ ਵਿਚ ਪਿਹਲਾਂ ਹੀ ਮਿੱਥੇ ਹੁੰਦੇ ਨੇ

ਜਾਂ ਜ਼ਿੰਦਗੀ ਵਿਚ ਹੀ ਗੁੱਝੇ ਹੁੰਦੇ ਨੇ …

ਅੱਖਰ, ਜੋ ਕਦੀ ਅਲੰਕਾਰ ਹੁੰਦੇ ਸੀ,

ਅੱਜ ਉੰਨ੍ਹਾਂ ਦੇ ਨਵੇਂ ਹੀ ਅਰਥ

ਅਪਮਾਨਿਤ ਕਰਦੇ ਨੇ !

ਅੱਖਰਾਂ ਦੀ ਖੁਸ਼ਬੂ

ਪੱਥਰ ਧਰਨ ਨਾਲ ਨਹੀ ਦੱਬਦੀ ;

ਪਰ ਕਿਸੇ ਦੀ ਸੜੀ ਹੋਈ ਸੋਚ ਨੂੰ ਵੀ

ਖੁਸ਼ਨੁਮਾ ਨਹੀ ਕਰ ਸਕਦੀ ..

ਅੱਖਰਾਂ ਦਾ ਇੰਜ ਅਪਮਾਨ ਕਰਨ ਵਾਲਿਓ !!

ਏਹ ਨਾ ਹੋਵੇ ਕੇ ਇਹ ਅੱਖਰ

ਕਿਸੇ ਦਿਨ ਆਪਣੇ ਅਪਮਾਨ ਦਾ ਬਦਲਾ ਲੈਣ,

ਤੇ ਤੁਹਾਨੂੰ ਸਾਹਿਤ ਦੇ ਇਤਿਹਾਸ ਵਿਚ

ਅੱਖਰਾਂ ਦੇ ਅਰਥਾਂ ਦਾ,

ਕ਼ਾਤਿਲ ਸਾਬਿਤ ਕਰ ਦਿੱਤਾ ਜਾਵੇ !!!

ਜੁਗਨੂ ਦੀਵਾ ਤਾਰਾ ਚੰਨ...

ਜੁਗਨੂ ਦੀਵਾ ਤਾਰਾ ਚੰਨ
ਨਾ ਮਿਲੇ ਤਾਂ ਖੈਰ ਹੈ
ਮੰਜ਼ਿਲ ਸਰ ਕਰਨ ਨੂੰ
ਇੱਕ ਜੁਨੂਨ ਚਾਹੀਦੈ

ਇੱਕੋ ਚਿਣਗ ਬੜੀ ਹੈ
ਮੱਠਾ ਮੱਠਾ ਧੁਖਣ ਨੂੰ
ਅੱਖਰ ਬਣ ਉੱਕਰਨ ਨੂੰ
ਇੱਕ ਸਕੂੰ ਚਾਹੀਦੈ

ਕੋਈ ਤਰੰਗ ਨਾ ਰਹੀ
ਪੱਥਰ ਦੇ ਬੁੱਤਾਂ ਉੱਤੇ
ਸੁੱਚੀ ਕਿਲਕਾਰੀ ਨੂੰ
ਇੱਕ ਮਾਸੂਮ ਚਾਹੀਦੈ

ਅੱਡਿਆਂ ਚੁੱਕ ਤੱਕਦੇ ਨੇ,
ਹੱਥਾਂ 'ਚ ਵੱਟੇ ਨੇ
ਨਿਸ਼ਾਨਾ ਸੇਧਨ ਨੂੰ
ਇੱਕ ਮਜ਼ਮੂਨ ਚਾਹੀਦੈ

ਇਹ ਨਾ ਸੋਚੀਂ
ਝੱਖੜ ਖਿਲਾਰ ਗਿਆ ਮੈਨੂੰ
ਲਹੂ ਦੇ ਗੇੜ੍ਹ ਨੂੰ
ਬੱਸ ਇਕ ਹਲੂਣ ਚਾਹੀਦੈ

ਜੋ ਹੋਣਾ ਹੈ ਸੋ ਹੋਣਾ ਹੈ .........

ਬੀਜੇ ਨੇ ਜੋ ਫਲ ਨਫਰਤ ਦੇ,
ਪਿਆਰ ਤੂੰ ਕਿਥੋਂ ਪਾਏਂਗਾ ?
ਚਖ ਲੈ ਇਸਦਾ ਸਵਾਦ ਕਸੈਲਾ
ਓਹੀ ਕੱਟਣਾ, ਜੋ ਬੋਣਾ ਏ !

ਦੇ ਨਾ ਸਕੇ ਮੁਸਕਾਨ ਕਿਸੇ ਨੂੰ,
ਹੰਝੂ ਵੀ ਕਦੀ ਦੇਵੀਂ ਨਾ ,
ਪਾ ਨਾ ਸਕੇਂ ਜੇ ਖੁਸ਼ੀ ਝੋਲੀ 'ਚ ,
ਹਾਸੇ ਕਿਓਂ ਤੂੰ ਖੋਹਣਾ ਏ ?

ਕੱਦਾਂ ਤੋਂ ਜੋ ਉੱਚੀਆਂ ਕੀਤੀਆਂ
ਕੰਧਾਂ ਆਪਣੇ ਵਜੂਦ ਦੀਆਂ ,
ਆਪਣੀ ਗੂੰਜ ਹੀ ਸੁਣਨੀ ਪੈਣੀ ,
ਕੱਲ ਨੂੰ ਕੱਲਿਆਂ ਰੋਣਾ ਏ!

ਹੱਥ ਆਪਣੇ ਵਿਚ ਪਾਸੇ ਫੜ ਕੇ
ਬਿਸਾਤ ਬਣਾਵੇ ਚੌਪੜ ਦੀ,
ਮਿੱਟੀ ਹੈ ਤੂੰ, ਮਿੱਟੀ ਬਨਣਾ
ਵਕ਼ਤ ਦੇ ਹੱਥ ਦਾ ਖਿਡੌਣਾ ਹੈਂ !!

ਖੇਡ ਕੇ ਚਾਲਾਂ ਉੱਤੇ ਚਾਲਾਂ
ਕਿਸ ਨੂੰ ਸ਼ੇਹ ਤੇ ਮਾਤ ਦੇਵੇਂ ?
ਵੱਡਾ ਸਭ ਤੋਂ 'ਕਰਤਾ ਪੁਰਖ '
ਜੋ ਹੋਣਾ ਹੈ ਸੋ ਹੋਣਾ ਹੈ !!!

ਬਿਜਲੀ ਕੜਕੇ, ਬੱਦਲ ਗਰਜੇ
ਰਾਹਾਂ ਤੇ ਅੰਧਕਾਰ ਹੋਵੇ,
ਮੈ ਨੀ ਥਕਨਾ, ਮੈ ਨੀ ਰੁਕਣਾ
ਮੰਜ਼ਿਲ ਤੇ ਮੇਰਾ ਬਿਛੋਣਾ ਹੈ !!

ਜੀਵਨ ਰੁੱਖ........

ਜੀਵਨ ਰੁੱਖ ਤੋਂ
ਅੱਜ ਫੇਰਇੱਕ ਪੱਤਾ ਝੜ ਗਿਆ
ਸਮੇਂ ਨਾਂ ਦੇ ਮੌਸਮ ਅੱਗੇ ਬੇਵੱਸ...
ਗਿਲਾ ਮੌਸਮ ਦੀ ਇਸ ਬੇਰੁਖੀ ਤੋਂ ਨਹੀਂ ,
ਹਾਂ ;ਉਸ ਆਰੀ ਤੋਂ ਜਰੂਰ ਹੈ
ਜਿਸ ਦੀ ਹੱਥੀ
ਮੇਰੇ 'ਚੋਂ ਹੀ ਬਣੀ..
ਮੇਰੇ ਹਰ ਪੱਤੇ ਦੇ ਝੜਣ ਤੋਂ ਬਾਦ
ਤਿਆਰ ਹੈ
ਮੇਰਾ ਹੀ ਕ਼ਤਲ ਕਰਨ ਨੂੰ.....

ਸੁਲਗਦੇ ਸੰਦਲ.........


ਪਾਗਲ ਹਵਾ

ਜਦ ਵੀ ਆ ਕੇ ਮੇਰੀ ਸੋਚਾਂ ਦਾ

ਪੱਲਾ ਖੜਖੜੌਂਦੀ ਹੈ

ਮੈਨੂੰ ਦੱਸ ਕੇ ਜਾਂਦੀ ਹੈ

ਕੇ ਹੁਣ ਉਹ ਵਗਦੀ ਹੈ

ਕਿਸੇ ਮੁਖਾਲਿਫ ਦਿਸ਼ਾ 'ਚ….

ਪੀਲਾ ਜਿਹਾ ਚੰਨ,

ਜੋ ਜਰੀਆ ਹੁੰਦਾ ਸੀ ਸੁਨੇਹੇਆਂ ਦੇ ਅਦਲ ਬਦਲ ਦਾ…

ਮੇਰੇ ਹੰਜੂ ਵਾਂਗ ਉਹ ਵੀ ਅਲੋਪ ਹੋ ਗਿਆ…

ਇਕ ਨਾਮ ਜੋ ਖਾਲੀ ਵਰਕੇ ਦੇ ਹਾਸ਼ੀਏ 'ਚ

ਅਕਸਰ ਲਿਖਿਆ ਹੁੰਦਾ ਸੀ…..

ਸਮੇ ਦੀ ਸੀਲਣ ਨੇ ਅੱਜ ਉਹ ਵੀ ਲੀਰੋ ਲੀਰ ਕਰ ਦਿੱਤਾ...

ਇੱਕ ਨਦੀ ਜੋ ਨਿਕਲੀ ਸੀ

ਸਾਗਰ ਦੇ ਮਿਲਣ ਲਈ

ਮਰੁਥਲ ਦੀ ਗਰਮ ਰੇਤ ਵਿਚ ਹੀ ਗੁਮ ਹੋ ਗਈ..

ਇਕ ਲੜ੍ਹ ਜੋ ਜਗਦੀ ਸੀ

ਦੋਨੋ ਸਿਰਿਆਂ ਤੋਂ...

ਐਸੀ ਜਲੀ ਕੇ ਹੋਲੀ ਹੋਲੀ

ਆਪਣੇ ਹੀ ਸੇਕ 'ਚ ਸੜ ਕੇ ਸ੍ਵਾਹ ਹੋ ਗਈ ...

ਯਾਦਾਂ ਉਸ ਸੁਲਗਦੇ ਸੰਦਲ ਵਾਂਗ ਨੇ

ਜੋ ਮਿਹਕ ਵੀ ਨੇ ਤੇ ਅੰਗਾਰ ਵੀ!!!

ਸੂਰਜ ਤੇ ਚੰਨ

ਦੋ ਨੇ ਮੇਰੇ ਜੀਵਨ ਸਾਥੀ
ਇਕ ਸੋਨਾ ਇਕ ਚਾਂਦੀ
ਸੋਨੇ ਨੂੰ ਮੈ ਦਿਨ ਨੂੰ ਪਾਵਾਂ
ਰਾਤ ਨੂੰ ਪਾਵਾਂ ਚਾਂਦੀ

ਇਕ ਤੁਰਦਾ ਮੇਰੇ ਕਦਮੋ ਕਦਮੀ
ਕਦੀ ਬਣੇ ਪਰਛਾਵਾਂ
ਇਕ ਦੇਵੇ ਮੈਨੂੰ ਚਾਦਰ ਠੰਡੀ
ਜਦ ਜਿਆਦਾ ਸੇਕ ਮਨਾਵਾਂ


ਪੀਲਾ ਰੰਗ ਜਦ ਖੁਰਦਾ ਖੁਰਦਾ
ਆਪਣੀ ਹੋਂਦ ਗਵਾਵੇ
ਮੇਰੇ ਨਾਲ ਰੰਗ ਚਾਂਦੀ ਵਾਲਾ
ਆ ਕੇ ਬਾਤਾਂ ਪਾਵੇ

ਦੋਨੋ ਰਖਦੇ ਸਦਾ ਸਫਰ 'ਚ
ਇਕ ਦਿਨੇ ਇਕ ਰਾਤੀਂ
ਇਕ ਦਿਨ ਨੂੰ ਮੇਰੇ ਨਾਲ ਸੁਲਗਦਾ
ਤ੍ਰੇਲ ਬਣੇ ਇਕ ਰਾਤੀਂ

ਏ ਦੋਨੋ ਵੀ ਕਈ ਕਈ ਵਾਰੀ
ਰੂਪ ਬਦਲ ਲੈਂਦੇ ਨੇ ਆਪਣਾ
ਵਾਂਗ ਰੁੱਤ ਦੇ ਬਦਲ ਨੇ ਜਾਂਦੇ
ਸੁਭਾ ਹੈ ਆਪੋ ਆਪਣਾ ...

ਮੁਆਫ ਕਰਨਾ ਦੋਸਤੋ............ਲਿਖ ਹੋ ਜਾਂਦਾ ਹੈ

ਖਿਆਲ ਕੋਈ ਜਦ ਸੂਈ ਵਾਂਗ ਚੁਭਦਾ ਹੈ
ਰੜ੍ਹਕ ਉੱਸਦੀ ਜਦ ਉਂਗਲਾਂ ਤੱਕ ਪਹੁੰਚ੍ਦੀ ਹੈ
ਪੋਟਿਆਂ ਥਾਨੀ ਵੱਗ ਕੇ ਜਦ ਓਹ ਕਲਮ ਤੋਂ ਬਾਹਿਰ ਆਓਂਦਾ ਹੈ
ਤਾਂ ਮੁਆਫ ਕਰਨਾ
ਮੇਰੀ ਕਲਮ ਤੋਂ ਯਾਰ ਨੂੰ ਗੱਦਾਰ ਲਿਖ ਹੋ ਜਾਂਦਾ ਹੈ………
ਕੁੜੱਤਨ ਜਦ ਹੋਰ ਵੀ ਵਧ ਜਾਵੇ
ਤਾਂ ਗੱਲਵਕ੍ੜੀ ਨੂੰ ਵੀ ਕਟਾਰ ਲਿਖ ਹੋ ਜਾਂਦਾ ਹੈ
ਬਾਤਾਂ ਗੁਲਾਂ ਦੀ ਪੌਂਦੇ ਪੌਂਦੇ
ਗੁਲ ਦੀ ਥਾਂ ਖਾਰ ਲਿਖ ਹੋ ਜਾਂਦਾ ਹੈ
ਦੋਸਤਾ ਦੀ ਇਨਾਇਤ ਦਾ ਜ਼ਿਕਰ ਜੱਦ ਹੋਵੇ
ਤੇ ਦੁਸ਼ਮਣ ਨੂੰ ਦਿਲਦਾਰ ਲਿਖ ਹੋ ਜਾਂਦਾ ਹੈ
ਘੁੱਟ ਕੇ ਖੁਸ਼ੀਆਂ ਨੂੰ ਸੀਨੇ ਲਾ ਲਵਾਂ
ਤਾ ਵਕ਼ਤ ਨੂੰ ਗਮ ਦਾ ਆਸਾਰ ਲਿਖ ਹੋ ਜਾਂਦਾ ਹੈ
ਗੱਲ ਕਰਾਂ ਜੇ ਕਦੀ ਆਪਣਿਆਂ ਦੀ
ਕਿਸੇ ਰੰਗਮੰਚ ਦਾ ਅਦਾਕਾਰ ਲਿਖ ਹੋ ਜਾਂਦਾ ਹੈ
ਜੇ ਗੱਲ ਹੋਵੇ ਕਿਸੇ ਦੀ ਵਫਾ ਦੀ,
ਹਾਏ ਕੁੱਤੇ ਨੂੰ ਵਫਾਦਾਰ ਲਿਖ ਹੋ ਜਾਂਦਾ ਹੈ…
ਕਿਸੇ ਰੋਂਦੇ ਨੂੰ ਇਕ ਵਾਰ ਹਸਾ ਦਿਆਂ
ਤਾਂ ਖੁਸ਼ੀਆਂ ਦਾ ਅੰਬਾਰ ਲਿਖ ਹੋ ਜਾਂਦਾ ਹੈ
ਜੋ ਕਦੀ ਮਿਹਕਦੇ ਸੀ ਸੰਦਲੀ ਰਾਹਾਂ ਤੇ
ਪ੍ਤਾ ਨੀ ਕਿਊਂ ਉਹਨਾ ਨੂੰ ਅੰਗਾਰ ਲਿਖ ਹੋ ਜਾਂਦਾ ਹੈ…
ਕਲਮ ਦੇ ਵੇਗ ਨੂੰ ਜੇ ਰੋਕਣ ਦੀ ਕੋਸ਼ਿਸ਼ ਵੀ ਕਰਾਂ
ਮੈਥੋਂ ਆਸ਼ਾਰ ਲਿਖ ਹੋ ਜਾਂਦਾ ਹੈ
ਮੁਆਫ ਕਰਨਾ ਦੋਸਤੋ ਪਤਾ ਨ੍ਹੀ ਸਚ ਕਿਊਂ ਬਾਰ ਬਾਰ ਲਿਖ ਹੋ ਜਾਂਦਾ ਹੈ…

ਜ਼ਿੰਦਗੀ

ਆ, ਕੇ ਮਹਿਕਾਂ ਵੰਡਦੀ ਆਵੀਂ
ਆ, ਕੇ ਤੇਰੀ ਪੈੜ੍ਹਾਂ ਬੁਹਾਰ ਦਿਆਂ
ਆ, ਕੇ ਦੇਵੀਂ ਛਾਂ ਆਪਣੇ ਹੱਥਾਂ ਦੀ
ਆ, ਕੇ ਤਲੀਆਂ ਤੇਰੀਆਂ ਤੇ ਪਿਆਰ ਦਿਆਂ
ਆ, ਕੇ ਤੇਰੀ ਜੁਲ੍ਫ ਜੁਲ੍ਫ ਸੰਵਾਰ ਦਿਆਂ
ਆ, ਕੇ ਤੈਨੂੰ ਥੋਡ਼ਾ ਜਿਹਾ ਪਿਆਰ ਦਿਆਂ
ਆ, ਕੇ ਇੱਕੋ ਮੁੱਠ 'ਚ ਤੈਨੂੰ ਘੁਟ ਲਵਾ
ਆ, ਕੇ ਵਰ੍ਕ ਵਰ੍ਕ ਤੈਨੂੰ ਖਿਲਾਰ ਦਿਆਂ
ਆ, ਕੇ ਭਰ ਜਾਵੀਂ ਰੰਗ ਹਜ਼ਾਰਾਂ
ਆ, ਕੇ ਸਤਰੰਗੀ ਪੀਂਘ ਨੂੰ ਹੁਲਾਰ ਦਿਆਂ
ਆ, ਕੇ ਤੇਰੀ ਹਰ ਸ਼ੈ ਸੰਭਾਲ ਲਵਾਂ
ਆ, ਕੇ ਇਕ ਨਵਾਂ ਨਕਸ਼ ਨੁਹਾਰ ਦਿਆਂ
ਆ, ਕੇ ਸਜਾ ਦੇਵਾਂ ਤੈਨੂੰ ਉਮੀਦਾਂ ਨਾਲ
ਆ, ਕੇ ਤੈਨੂੰ ਨਵਾਂ ਇਕ ਸਿੰਗਾਰ ਦਿਆਂ
ਆ, ਕੇ ਚੰਨ ਤੇਰੀ ਝੋਲੀ ਵਿਚ ਪਾ ਦਿਆਂ
ਆ, ਕੇ ਤੈਨੂੰ ਤਾਰਿਆਂ ਦਾ ਅੰਬਾਰ ਦਿਆਂ .....

ਪ੍ਲਾਸ੍ਟਿਕ ਦੀਆਂ ਗੁੱਡੀਆਂ..

ਮੈ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ .. …ਗੁੱਡੀਆਂ ..ਪ੍ਲਾਸ੍ਟਿਕ ਦੀਆਂ ...ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ. ਮੈ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ…ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ…ਮੈਂਨੂੰ ਕਿਹੰਦੀ ਹੁੰਦੀ ਸੀ,” ਕਿਓਂ? ਗੁੱਡੀਆਂ ਦਾ ਦਿਲ ਨੀ ਹੁੰਦਾ?”ਇੰਜ ਓਹ੍ਨਾ ਪ੍ਲਾਸ੍ਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਓਂਦੇ ਕਦੋ ਸਾਡੀ ਉਮਰ ਵੀ ਵਿਆਹ ਲਾਈਕ ਹੋ ਗਈ ਪ੍ਤਾ ਹੀ ਨਹੀ ਲੱਗਾ…ਮੇਰਾ ਵਿਆਹ ਪਿਹਲਾਂ ਹੋ ਗਿਆ …ਤੇ ਰਾਜੀ ਦਾ ਕੁਝ ਚਿਰ ਬਾਦ ਵਿਚ…ਤੇ ਮੈ ਕੁਝ ਕੁ ਮਹੀਨੇਆਂ ਬਾਦ ਜਦ ਆਪਣੇ ਘਰ ਗਈ ਤਾਂ ਪ੍ਤਾ ਲੱਗਾ ..ਕੇ ਰਾਜੀ ਵੀ ਘਰ ਆਈ ਹੋਈ ਹੈ…ਮੈ ਭੱਜ ਕੇ ਉਸਨੂ ਮਿਲਣ ਗਈ…..ਪਰ ਰਾਜੀ ਦਾ ਰੰਗ ਰੂਪ ਤੇ ਪਹਿਰਾਵਾ ਵੇਖ ਕੇ ਮੈਥੋਂ ਦਹਿਲੀਜ਼ ਵੀ ਨਾ ਟੱਪ ਹੋਈ !!!!!!!ਉਸਨੇ ਮੈਨੂੰ ਦੱਸਿਆ ਇੱਕ ਐਕਸੀਡੇਂਟ ਵਿਚ ਉਸਦੇ ਪਤੀ ਦੀ ਮੌਤ ਹੋ ਗੈ..ਤੇ ਸੁਹਰੇ ਵਾਲੇਆਂ ਨੇ ਉਸਨੂੰ ਪੇਕੇ ਘਰ ਦਾ ਰਾਹ ਵਿਖਾ ਦਿੱਤਾ…….ਮੈ ਸਾਰਾ ਦਿਨ ਉਸ ਨਾਲ ਬੈਠੀ ਗੱਲਾਂ ਕਰਦੀ ਰਹੀ….ਤੇ ਝਿਜਕਦੇ ਝਿਜਕਦੇ ਮੈ ਕਿਹ ਹੀ ਬੈਠੀ..,“ਰਾਜੀ, ਜਿੰਦਗੀ ਐਥੇ ਰੁੱਕ ਤਾ ਨਹੀ ਜਾਂਦੀ….ਮੈ ਤੇਰੇ ਘਰ ਵਾਲੇਆਂ ਨਾਲ ਗੱਲ ਕਰ ਕੇ ਸਮਝੌਂਦੀ ਹਾਂ ਕੇ ਓਹ ਤੈਨੂ ਤੇਰੀ ਖੁਸ਼ੀਆਂ ਮੋੜਨ ਦਾ ਜਤਨ ਕਰਨ….”ਪਰ ਉਸਨੇ ਮੇਰੀ ਬਾਂਹ ਫੜ ਮੈਂਨੂੰ ਰੋਕ ਲਿਆ ਕਿ ਨਹੀ ਏਹ ਮੈਥੋਂ ਨਹੀ ਹੋਣਾ…ਮੈ ਉਸਨੂ ਸਿਰ੍ਫ ਇੱਕੋ ਸਵਾਲ ਪੂਛੇਆ, “ ਪ੍ਲਾਸ੍ਟਿਕ ਦੀਆਂ ਗੁੱਡੀਆਂ ਦਾ ਦਿਲ ਹੁੰਦਾ ਹੈ ਤੇ ਤੇਰੇ ਕੋਲ ਦਿਲ ਨਹੀ?” ਤੇ ਉਸ ਕੋਲ ਇਸ ਸਵਾਲ ਦਾ ਜਵਾਬ ਨਹੀ ਸੀ….ਫੇਰ ਕਾਫੀ ਸਮੇ ਪਿਛੋ ਪਤਾ ਲੱਗਾ ਕੇ ਪ੍ਲਾਸ੍ਟਿਕ ਦੀਆਂ ਗੁੱਡੀਆਂ ਦੇ ਸ਼ੋਖ ਰੰਗ ਉਸਦੀ ਜਿੰਦਗੀ ਵਿਚ ਵੀ ਵਾਪਿਸ ਆ ਗਏ!!!!!!!!

ਜ਼ਖ਼ਮ..


ਮੈਂ ਭੁੱਲਣਾ ਨਹੀ ਚਾਹੁੰਦੀ ਤੈਨੂੰ

ਤੇ ਨਾ ਹੀ ਭੁੱਲ ਸਕਦੀ ਵੀ ਹਾਂ

ਕਿਸੇ ਵੇਖਿਆ ਕਦੀ ਕਿਸੇ ਨੂੰ

ਜ਼ਖਮਾਂ ਨੂੰ ਰੀਝ ਨਾਲ ਸਿੰਜਦੇ ???

ਹਾਂ ਮੈਂ ਅੱਜ ਕੱਲ ਅਖਾਂ ਦੀ ਨਮੀ ਨਾਲ

ਇਨ੍ਹਾ ਨੂੰ ਹਰਾ ਰੱਖਣ ਦੀ

ਜੀ ਤੋੜ ਕੋਸ਼ਿਸ਼ ਕਰਦੀ ਹਾਂ...

ਸੁੱਕਣ ਦੋ ਨਹੀ ਦੇਣਾ ਚਾਹੁੰਦੀ..

ਨਾ ਹੀ ਭੁੱਲਣਾ ਚਾਹੁੰਦੀ

ਤੇਰੀ ਕੀਤੀਆਂ ਵਧੀਕੀਆਂ ਨੂੰ !!!

ਤੇਰੀ ਹਰ ਇੱਕ ਅਦਾ ਨੂੰ

ਉੱਸੇ ਅਦਾਕਾਰੀ ਨਾਲ ਮੋੜਨਾ ਜਰੂਰ ਹੈ...

ਇਹ ਜੋ ਰੁੱਖ ਸਿੰਝ ਰਹੀ ਹਾਂ

ਇਸ ਦੇ ਫਲ ਤੇਰੀ ਹੀ ਝੋਲੀ ਚ ਡਿੱਗਣਗੇ

ਪਰ ਸਵਾਦ ਤਾਂ ਖਾਰਾ ਹੀ ਹੋਊ ...

ਪਤਾ ਹੈ ਨਾ ਕਿਓਂ?

ਅਥਰੂ ਦਾ ਸਵਾਦ ਤਾਂ

ਤੂੰ ਵੀ ਚਾਖਿਆ ਹੀ ਹੋਣੈ !!

"ਇੱਕ ਮੁਠ ਚੁੱਕ ਲੈ ਦੂਜੀ ਤਿਆਰ"

'ਭੰਡਾ ਭੰਡਾਰੀਆ ਕਿਤਨਾ ਕੁ ਭਾਰ , ਇੱਕ ਮੁਠ ਚੁੱਕ ਲੈ ਦੂਜੀ ਤਿਆਰ" ...ਦੂਰੋਂ ਬੱਚਿਆਂ ਦੇ ਖੇਡਣ ਦੀ ਆਵਾਜ਼ ਆ ਰਹੀ ਸੀ ਅਤੇ ਸੀਮਾ ਦਾ ਦਿਮਾਗ ਇੱਕੋ ਗੱਲ ਚ ਫੱਸ ਕੇ ਰਹਿ ਗਿਆ "ਇੱਕ ਮੁਠ ਚੁੱਕ ਲੈ ਦੂਜੀ ਤਿਆਰ" ...ਪਾਪਾ ਦੇ ਅਚਾਨਕ ਚਲੇ ਜਾਣ ਕਰ ਕੇ ਘਰ ਦਾ ਸਾਰਾ ਭਾਰ ਜਿਵੇਂ ਸੀਮਾ ਉੱਤੇ ਆ ਗਿਆ ਸੀ. ਸੀਮਾ..ਮੇਰੇ ਬਚਪਨ ਦੀ ਸਹੇਲੀ...ਪਹਿਲੀ ਤੋਂ ਲੈ ਕੇ ਗਿਆਰਹਵੀਂ ਤੱਕ ਸਾਡਾ ਸਾਥ ਰਿਹਾ ਪਰ ਘਰ ਦੇ ਹਾਲਾਤਾਂ ਨੇ ਉਸਨੂੰ ਹੋਰ ਪੜ੍ਹਣ ਦੀ ਇਜ਼ਾਜ਼ਾਤ ਨਹੀਂ ਦਿੱਤੀ ਤ ਉਸਨੇ ਨੌਕਰੀ ਸ਼ੁਰੂ ਕਰ ਦਿੱਤੀ. ਹਾਲਾਂ ਕੇ ਉਸਨੂੰ ਪੜ੍ਹਣ ਦਾ ਚਾਅ ਬਹੁਤ ਸੀ ਪਰ ਘਰ ਦੀ ਰੋਜ਼ੀ ਰੋਟੀ ਚਲੌਂਦੇ ਉਹ ਉੱਸੇ 'ਚ ਹੀ ਫੱਸ ਕੇ ਰਹਿ ਗਈ . ਇਕ ਦਿਨ ਮਾਂ ਨੇ ਕਿਹਾ ਕੀ ਉਸਦੀ ਛੋਟੀ ਭੈਣ ਨਿਸ਼ਾ ਵਿਆਹੁਣ ਜੋਗੀ ਹੋ ਗਈ...ਕਰ ਦਿੱਤਾ ਨਿਸ਼ਾ ਦਾ ਵੀ ਵਿਆਹ. ਛੋਟਾ ਭਰਾ ਵੀ ਇੰਜੀਨੀਅਰ ਲੱਗ ਗਿਆ ..ਵੱਡੇ ਸ਼ਹਿਰ ਜਾ ਕੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ..ਇੰਝ ਉਹ ਦੋਨੋ ਆਪੋ ਆਪਣੇ ਘਰ ਸੁਖੀ ਵੱਸਣ ਲੱਗ ਪਏ. ਫਿਰ ਮਾਂ ਕਹਿੰਦੀ ਕੇ ਘਰ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ..ਘਰ ਨੂੰ ਠੀਕ ਕਰਵਾਇਆ..ਹੌਲੀ ਹੌਲੀ ਮਾਂ ਨੂੰ ਵੀ ਬੀਮਾਰੀਆਂ ਨੇ ਜਕੜਨਾ ਸ਼ੁਰੂ ਕਰ ਦਿੱਤਾ..ਬਾਕੀ ਸਭ ਤਾ ਆਪੋ ਆਪਣੇ ਘਰ ਬੀਜ਼ੀ ਸੀ, ਸੀਮਾ ਮਾਂ ਦਾ ਇਲਾਜ਼ ਕਰਵੌਂਦੀ ਰਹੀ...ਅੱਖ ਉਦੋਂ ਖੁੱਲੀ ਜਦ ਮਾਂ ਵੀ ਗੁਜ਼ਰ ਗਈ.. ਸੀਮਾ ਹੁਣ ਇਕੱਲੀ ਸੀ...ਪਤਾ ਨਹੀਂ ਮਾਂ ਨੇ ਉਸ ਬਾਰੇ ਕਿਓਂ ਨੀ ਕਦੀ ਕੁਝ ਸੋਚਿਆ...ਅਤੇ ਬੱਚਿਆਂ ਦੀ ਇਹ ਖੇਡ ਉਸਨੂੰ ਆਪਣੀ ਜਿੰਦਗੀ ਦੀ ਹੀ ਖੇਡ ਜਾਪਣ ਲੱਗ ਗਈ "ਇੱਕ ਮੁਠ ਚੁੱਕ ਲੈ ਦੂਜੀ ਤਿਆਰ" ...

Thursday, July 3, 2008

ਸੂਤਰਧਾਰ

ਸੂਤਰਧਾਰ …..
ਇਕ ਕਹਾਣੀ ਦਾ ਰਚਨਾਕਾਰ
ਇਕ ਪਟਕਥਾ ਅਧੀਨ
ਹਰ ਪਾਤਰ ਨੂੰ ਉਸ ਦੀ ਥਾਂ ਦਿਵਾਓਂਦਾ ਹੋਇਆ
ਹਰ ਪਾਤਰ ਨੂੰ ਰਿਸ਼ਤੇ ਨਾਲ ਜੋੜਦਾ ਹੋਇਆ
ਹੌਲੀ ਹੌਲੀ ਕਹਾਣੀ ਨੂੰ ਅੰਜਾਮ ਤਕ ਲੈ ਜਾਂਦਾ ਹੈ..

ਕਈ ਵਾਰ ਪਾਤਰ
ਆਪਣੇ ਕਿਰਦਾਰ ਤੋਂ ਨਾਖੁਸ਼ ਹੋਏ..
ਪਟਕਥਾ ਦੇ ਬਾਗੀ ਵੀ ਬਣ ਜਾਂਦੇ ਨੇ..
ਪਰ ਫੇਰ ਵੀ ਸੂਤਰਧਾਰ
ਆਪਣਾ ਕਿਰਦਾਰ ਨਿਭਾਓਂਦਾ ਹੋਇਆ
ਹਰ ਪਾਤਰ ਨੂੰ ਇਕੋ ਸੂਤਰ ਦੇ ਨਾਲ
ਜੋੜੀ ਰਖਣ ਦੀ ਅਨਥੱਕ ਕੋਸ਼ਿਸ਼ ਕਰਦਾ ਰਿਹੰਦਾ ਹੈ..

ਸੂਤਰਧਾਰ….
ਤਾਂ 'ਓਹ ਪਰਮਾਤਮਾ' ਵੀ ਹੈ ਜੋ ਉਪਰ ਬੈਠਾ ,
ਖੂਨ ਦੇ ਰਿਸ਼ਤੇ ਨਾ ਹੁੰਦੇ ਹੋਏ ਵੀ
ਜਿੰਦਗੀ ਚ' ਕਈ ਪਾਤਰਾਂ ਨੂੰ ਜੋੜ ਦਿੰਦਾ ਹੈ
ਇੰਜ ਜਿੰਦਗੀ ਦੀ ਪਟਕਥਾ ਵੀ ਅੰਜਾਮ ਤਕ ਚਲੀ ਜਾਂਦੀ ਹੈ

ਬਾਗੀ ਤਾ ‘ਉਸ ਦੀ’ ਕਹਾਣੀ ਦੇ ਪਾਤਰ ਵੀ ਬਣਦੇ ਨੇ
ਜਿਨ੍ਹਾ ਨੂੰ ‘ਉਸ ਸੂਤਰਧਾਰ’ ਦੇ
ਜੋੜੇ ਹੋਏ ਰਿਸ਼ਤਿਆਂ ਤੇ ਯਕੀਨ ਨਹੀ ਹੁੰਦਾ ,
ਪਰ ਸੂਤਰ ਦੇ ਰੰਗ ਜਿਵੇ ਫਿੱਕੇ ਪੈਣ ਤੇ
ਕਪੜੇ ਬਦਰੰਗ ਹੋ ਜਾਂਦੇ ਨੇ
ਓਵ ਹੀ ‘ਊਸ਼ ਸੂਤਰਧਾਰ’ ਦੇ
ਜੋੜੇ ਹੋਏ ਰਿਸ਼ਤੇ ਜਦ ਫਿੱਕੇ ਪੈ ਜਾਣ
ਤਾਂ ਉਸ ਬਾਗੀ ਹੋਏ ਪਾਤਰ ਦੀ ਜਿੰਦਗੀ ਵੀ
ਬਦਰੰਗ ਹੋ ਜਾਂਦੀ ਹੈ………

Tuesday, July 1, 2008

ਹਾਦਸੇ

ਜੀਓਂਦੇ ਹਾਂ ਅਸੀਂ ਹਾਦਸਿਆਂ ਦੇ ਸ਼ਹਿਰ ਵਿਚ,

ਰੋਜ ਇਕ ਨਵੇ ਹਾਦਸੇ ਨਾਲ ਰੂਬਰੂ ਹੋ ਕੇ

ਚਲ ਪੈਂਦੇ ਹਾਂ ਆਪਣੀ ਰਾਹੀ

ਓਹ ਹਾਦਸੇ ਅਖਾਂ ਤੋਂ ਹੁੰਦੇ ਹੋਏ

ਜਿਹਨ ਚੋ ਨਿਕਲ ਜਾਂਦੇ ਨੇ

ਸ਼ਾਇਦ ਇਸ ਲਈ

ਕਿ ਓਹ੍ਨਾ ਹਾਦਸਿਆਂ ਵਿਚ ਅਸੀਂ ਆਪ ਨਹੀ ਹੁੰਦੇ,

ਮੈ ਕਈ ਵਾਰ ਉਸ ਇਨ੍ਸਾਨ ਦੀ ਥਾਂ

ਖੁਦ ਨੂ ਓਥੇ ਰਖ ਕੇ ਵੇਖਿਆ ਹੈ,

ਪਰ...ਰੂਹ ਕੰਬ ਜਾਂਦੀ ਹੈ,

ਕਈ ਵਾਰ ਇਸੇ ਤਰ੍ਹਾ ਹੀ

ਮੈ ਖੁਦ ਓਥੇ ਮੋਜੂਦ ਹੋ ਘਾਇਲ ਹੁੰਦੀ ਹਾਂ .......

ਰੋਜ ਹਾਦਸੇ ਹੁੰਦੇ ਨੇ

ਪਰ ਪਤਾ ਨਹੀ ਓਹ ਕੀ ਹੈ

ਜੋ ਮੈਨੂੰ ਇੰਨੇ ਹਾਦਸਿਆਂ ਦੇ ਬਾਦ ਵੀ

ਟੁੱਟਣ ਨਹੀ ਦਿੰਦਾ……..

Monday, June 30, 2008

ਮਾਣ

ਸ਼ੋਹਰਤ ਦੀ ਬੁਲੰਦੀ ਦਾ

ਜ਼ਮੀਨਾ ਦੀ ਵੰਡੀ ਦਾ

ਸਭ ਤੋਂ ਸੋਹਣੀ ਨਾਰ ਦਾ

ਲੇਟੇਸ੍ਟ ਮਾਡਲ ਕਾਰ ਦਾ

ਆਓਂਦੇ ਜਾਂਦੇ ਸਾਹਾਂ ਦਾ

ਵੱਡੇ ਵੀਰ ਭਰਾਵਾਂ ਦਾ

ਰੰਗ ਬਿਰੰਗੇ ਨੋਟਾਂ ਦਾ

ਜਿੱਤੀਆਂ ਹੋਈਆਂ ਵੋਟਾਂ ਦਾ

ਸ਼ਿਖਰਾਂ ਤੇ ਚੜ੍ਹੇਂਗਾ ਤੂੰ, ,

ਕਿੰਨਾ ਮਾਣ ਕਰੇਂਗਾ ਤੂੰ

ਬੁਲੰਦੀ ਤੋਂ ਬਾਦ ਢਲਾਨ ਹੈ

ਸਵੇਰ ਤੋਂ ਬਾਦ ਜਿਵੇ ਸ਼ਾਮ ਹੈ

ਹੰਕਾਰਾਂ ਦੀ ਰਾਤ ਤੋਂ ਬਾਦ

ਆਪਣੇ ਨਾਲ ਗਲ ਬਾਤ ਤੋਂ ਬਾਦ

ਸੁਰਖ਼ ਸਵੇਰ ਦੀ ਨਵੀਂ ਪ੍ਰਭਾਤ ਹੈ

ਇਕ ਨਵੇ ਜੀਵਨ ਦੀ ਸ਼ੁਰੂਆਤ ਹੈ

Tuesday, June 3, 2008

ਤੇਰੇ ਨਾਂ ਦਾ ਬੂਟਾ

ਯਕੀਨ ਨਹੀ ਸੀ ਤੇਰੇ ਮੁੜ ਆਣ ਦਾ,
ਤੇਰੇ ਖ਼ਤਾਂ ਨੂ ਅੱਜ ਮੈ ਜ੍ਲਾ ਦਿਤਾ !!!

ਅਖਾਂ ਦੇ ਕੋਰਾਂ ਚ ਦਿੱਸ ਨਾ ਪੈਣ ਹੰਜੂ,
ਓਥੇ ਇਕ ਟੁੱਟਾ ਸੁਫਨਾ ਸ੍ਜਾ ਦਿੱਤਾ!!!

ਰੱਬ ਨੂ ਭੁੱਲ ਕੇ ਤੇਰੀ ਬੰਦਗੀ ਕੀਤੀ,
ਆਹੀ ਸਭ ਤੋਂ ਵਢਾ ਗੁਨਾਹ ਕਿੱਤਾ !!!

ਸੁਫਨੇ, ਚਾਅ, ਹੌਕੇ, ਹਾਵਾਂ, ਦਰ੍ਦ,
ਵਗਦੇ ਸਮੇ ਚ' ਸਭ ਕੁਛ ਵਗਾ ਦਿਤਾ!!!

ਕਦੀ ਆ ਕੇ ਇਸ ਰੁਖ ਦੀ ਛਾਵੇਂ ਬੈਠ ਵੇਖੀਂ
ਲੈ, ਤੇਰੇ ਨਾਂ ਦਾ ਬੂਟਾ ਅਜ ਲ੍ਗਾ ਦਿਤਾ !!!

ਸ਼ਬਦਾਂ ਤੇ ਇਹਸਾਸਾਂ ਦੀ ਜੰਗ

ਸ਼ਬਦਾਂ ਤੇ ਇਹਸਾਸਾਂ ਦੀ ਜੰਗ
ਚਲਦੀ ਰਹਿੰਦੀ ਹੈ!!!
ਕਦੀ ਇਹਸਾਸਾਂ ਨੂੰ
ਸ਼ਬਦ ਨਹੀ ਮਿਲਦੇ...
ਤੇ ਕਦੀ
ਸ਼ਬਦਾਂ ਨਾਲ ਇਹਸਾਸ
ਕਿਹ ਨੀ ਹੁੰਦੇ !!!
ਮੈ ਕਾਫੀ ਵਾਰ ਇਹਸਾਸਾਂ ਨੂੰ
ਸ਼ਬਦ ਦੇਣ ਦੀ ਕੋਸ਼ਿਸ਼ ਕਰਦੀ ਹਾਂ
ਜਾਂ ਕਾਫੀ ਵਾਰ
ਸ਼ਬਦਾ ਨੂੰ
ਇਹਸਾਸ ਦੇਣ ਦੀ!!
ਪਤਾ ਨਹੀ ਮੈ
ਇਨਸਾਫ ਵੀ ਕਰ ਪਾਉਂਦੀ ਹਾਂ
ਜਾਂ ਨਹੀ !!!
ਮੇਰੇ ਅੰਦਰ
ਸ਼ਬਦਾਂ ਤੇ ਇਹਸਾਸਾਂ ਦੀ ਜੰਗ
ਚਲਦੀ ਰਹਿੰਦੀ ਹੈ!!!
ਲ੍ਗਾਤਾਰ!!!
ਨਿਰੰਤਰ!!!!

ਕੋਰਾ ਕਾਗ਼ਜ਼.....

ਇੱਕ ਕੋਰਾ ਕਾਗਜ਼,

ਤੇ ਇੱਕ ਮੈਂ ….

ਸੋਚਿਆ …ਕੁਝ ਲਿਖਾਂ!!!

ਕੁਝ ਬੀਤੇ ਪਲ…

ਇੱਕ ਗੁਜ਼ਰਿਆ ਕੱਲ੍ਹ ,

ਉਣੀਂਦਰਾਂ ਦੇ ਸੁਫਨੇ

ਜਾਂ ਰਿਸ਼ਤੇ ਸੱਖਣੇ !!!

ਕੁਝ ਮਿੱਠੀਆਂ ਬਾਤਾਂ

ਕਈ ਧੁੰਦਲੀਆਂ ਯਾਦਾਂ ..

ਹੋਰ ਵੀ ਪਤਾ ਨੀ ਕੀ ਕੀ !!!!!!!!

ਤਿਤਲੀਆਂ ਵਾਂਗ ਉੱਡਦੇ ਅੱਖਰ ,

ਰੰਗ ਬਿਰੰਗੇ ਤਾਂ ਸੀ , ਪਰ…..

ਮੇਰੀ ਪਕੜ ਤੋਂ ਪਰ੍ਹੇ !!

ਅੱਖਰਾਂ ਨੂੰ ਵੀ ਸ਼ਾਇਦ

ਪੰਛੀਆਂ ਵਾਂਗ ਕੈਦ ਕਰਨਾ

ਗੁਨਾਹ ਹੀ ਹੈ!!!

ਮੈਂ ਕ਼ਾਫਿਰ ਨਹੀਂ ..

ਜੋ ਗੁਨਾਹ ਕਰਦੀ …

ਇਸ ਪਸ਼ੋ-ਪੇਸ਼ 'ਚ ਬਚੇ …

ਇੱਕ ਕੋਰਾ ਕਾਗ਼ਜ਼

ਤੇ ਇੱਕ ਮੈਂ !!

ਮੇਰਾ ਨਾਮ

ਇਕ ਹੌਕਾ ਦਿੱਤਾ
ਤੇਰੇ ਨਾਮ ਦਾ
ਮੈ ਚੁੱਪ ਵੱਟ ਕੇ ਸੁਣਿਆ
ਕਿ ਸ਼ਾਇਦ ਜਵਾਬ ਆਵੇਗਾ
ਹਰ ਵਾਰ ਵਾਂਗ, ਜਿਵੇਂ ..
ਤੇਰਾ ਨਾਮ ਲੈਣ ਤੋਂ ਬਾਦ
ਮੇਰੇ ਨਾਮ ਨਾਲ ਤੇਰਾ ਜਵਾਬ ਆਓਂਦਾ ਸੀ……..
ਤੇ ਇੰਜ ਲਗਦਾ ਸੀ
ਕੇ ਇਹ ਨਾਮ ਦੋ ਨਹੀ,
ਇਕ ਹੀ ਹੈ!!!
ਬੇਸ਼ਕ, ਅਜ ਤੂੰ ਪਰਦੇਸ 'ਚ ਬੈਠਾ..
ਮੇਰੇ ਹਰ ਹੌਕੇ ਦਾ
ਜਵਾਬ ਨਹੀ ਦੇ ਸਕਦਾ……..
ਅੱਜ ਵੀ ਤੇਰਾ ਜਵਾਬ ਤਾਂ ਨਹੀ ਆਇਆ
ਪਰ….
ਮੈਨੂੰ ਮੇਰਾ ਨਾਮ ਤੇਰੇ ਮੂਹੋਂ
ਸੁਨਣ ਦੀ ਆਦਤ ਐਨੀ ਸੀ,
ਕਿ ਮੇਰੇ ਕੰਨਾ 'ਚ
ਗੂੰਜਦਾ ਰਿਹਾ
ਮੇਰਾ ਹੀ ਨਾਮ !!!

ਅੱਗ

ਅੱਗ ਦੌਲਤ ਦੀ,
ਸ਼ੋਹਰਤ ਦੀ,,
ਨਫਰਤ ਦੀ,,,
ਸਾੜ ਦਿੰਦੀ ਆ ਇਨ੍ਸਾਨ ਨੂੰ
ਐਨਾ ਕੂ ,
ਕਿ , ਉਸ 'ਚ ਹਰ ਰਿਸ਼ਤਾ
ਧੁਖਦਾ ਨਜ਼ਰ ਆਓਂਦਾ ਹੈ….

Monday, June 2, 2008

ਯਕੀਨ!!!

ਯਕੀਨ!!!
ਹੁੰਦੈ ਕਦੀ??? ਹਰ ਕਿਸੇ ਤੇ??
ਸਹਿਜੇ ਜਿਹੇ ਹੀ???

ਇਕ ਜਿੰਦਗੀ ਲਗਾਣੀ ਪੈਂਦੀ ਹੈ
ਕਿਸੇ ਨੂ ਵੀ
“ਯਕੀਨ” ਦੀ ਗੱਦੀ
ਤੇ ਵਿਰਾਜਮਾਨ ਕਰਾਓਣ ਲਈ !!!

ਤੇ ਜਦ ਆਹੀ “ਯਕੀਨ” ਟੁੱਟਦਾ…….
ਪਤਾ ਨੇ ਕਿੰਨੇ ਟੋਟੇ ਹੁੰਦੇ,
ਇਨ੍ਸਾਨ ਦੇ !!!!!!

'ਯਕੀਨ'!!!
ਅਖਰ ਨਿੱਕਾ ਜਿਹਾ ..
ਪਰ ਅਰ੍ਥ.. ਰੱਬ ਵਾਂਗ!!!!!!
ਅਨੰਤ, ਪਾਕ ਤੇ
ਅਡੋਲ!!!

ਬੋਲ

ਦਹਿਕਦੇ ਬੋਲਾਂ ਦੀ ਅੱਗ ਨਾਲੋ,
ਕਿਤੇ ਜਾਨਲੇਵਾ ਹੈ...
ਮਨਾਂ 'ਚ ਰਖਿਆ ਜਹਿਰ !!!