Monday, November 9, 2009

ਅੰਤਿਮ ਅਰਦਾਸ


ਐ ਰੂਹੋ !

ਐ ਵਿਛੜੀਓ ਰੂਹੋ !!

ਤੁਹਾਡਾ ਇੰਝ ਬਾਰ ਬਾਰ

ਮੇਰੇ ਆਲੇ ਦੁਆਲੇ ਘੁੰਮਨਾ

ਸਾਬਿਤ ਕਰਦਾ ਹੈ

ਕਿ ਤੁਹਾਡੇ ਵੱਲ ਮੇਰਾ ਇੱਕ ਫ਼ਰਜ਼

ਅਜੇ ਬਾਕੀ ਹੈ

ਅੱਜ ਜੋ ਮੈਂ

ਆਯੋਜਨ ਕਰ ਰਹੀ ਹਾਂ

ਉਸ ਤੋਂ ਬਾਦ

ਤੁਹਾਡੇ ਮੇਰੇ ਸਭ ਲੈਣ ਦੇਣ

ਮੁੱਕ ਜਾਣੇ ਚਾਹੀਦੇ ਹਨ

ਪਰਮਾਤਮਾ ਤੁਹਾਡੀ ਵਰਗੀਆਂ ਰੂਹਾਂ ਨੂੰ

ਸ਼ਾਂਤੀ ਬਖਸ਼ੇ

ਆਪਣੀ ਚਰਣੀਂ ਲਾਵੇ

ਆਹੀ ਹੋ ਸਕਦੀ ਹੈ

ਮੇਰੀ ਤੁਹਾਡੇ ਲਈ

ਅੰਤਿਮ ਅਰਦਾਸ!!

Wednesday, September 16, 2009

ਤੇਰੀ ਗੈਰ-ਹਾਜ਼ਰੀ ਵੇਲੇ

ਤੇਰੀ ਗੈਰ-ਹਾਜ਼ਰੀ ਵੇਲੇ
ਮੈਂ ਆਪਣੇ ਆਪ ਵਿੱਚੋ ਮਨਫੀ ਹੋ ਕੇ
ਤੇਰੀਆਂ ਖੁਸ਼ਬੋਈਆਂ ਨਾਲ
ਜੋੜ ਘਟਾਓ ਕਰਦੀ
ਮਹਿਕ ਉਠਦੀ ਹਾਂ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਖਿਆਲਾਂ ਤੋਂ ਅਲਾਵਾ
ਕੋਈ ਹੋਰ ਖਿਆਲ ਜਦ ਵੀ
ਮੇਰੇ ਜ਼ਹਿਨ ਦੀ ਲਛਮਣ ਰੇਖਾ
ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ
ਭਸਮ ਹੋ ਜਾਂਦਾ ਹੈ
ਖੁਦ ਹੀ, ਜਲ ਕੇ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਦਿੱਤੇ ਸੁਫਨਿਆਂ ਨੂੰ
ਮੈਂ ਸਲਾਈਆਂ ਤੇ ਜੋੜੇ ਜੋੜੇ ਵਾਂਗ ਬੁਣ
ਤੇਰੀ ਹਕੀਕਤਾਂ ਦੇ ਮੇਚ ਦਾ
ਕਰ ਹੀ ਦਿੰਦੀ ਹਾਂ

ਤੇਰੀ ਗੈਰ-ਹਾਜ਼ਰੀ ਵੇਲੇ
ਕਾਲੀਆਂ ਘਣਘੋਰ ਘਟਾਵਾਂ
ਕਈ ਵਾਰ ਅੱਖਾਂ ਰਾਹੀਂ
ਵੱਸ ਵੀ ਜਾਂਦੀਆਂ ਨੇ
ਪਰ ਮਨ-ਮਯੂਰ
ਪੈਲਾਂ ਜਰੂਰ ਪਾ ਜਾਂਦਾ ਹੈ

ਤੇਰੀ ਗੈਰ-ਹਾਜ਼ਰੀ ਵੇਲੇ
ਸੰਧੂਰੀ ਸ਼ਾਮ ਢਲਦੇ ਢਲਦੇ
ਮੱਸਿਆ ਦੀ ਕਾਲੀ ਰਾਤ ਵਿਚ
ਬੜੀ ਵਾਰੀ ਤਬਦੀਲ ਹੁੰਦੀ ਹੈ
ਪਰ ਉਹੀ ਸੰਧੂਰੀ ਰੰਗ
ਅਗਲੀ ਸਵੇਰ
ਮੇਰੇ ਬੂਹੇ
ਦਸਤਕ ਜਰੂਰ ਦਿੰਦਾ ਹੈ

ਤੇਰੀ ਗੈਰ-ਹਾਜ਼ਰੀ ਵੇਲੇ
ਤੇਰੇ ਪਾਏ ਪੂਰਨਿਆਂ ਤੇ
ਇੰਨ ਬਿੰਨ ਲਿਖਣ ਦੇ ਕੋਸ਼ਿਸ਼ ਵਿਚ
ਕਈ ਵਾਰ ਮੇਰੀ ਕਲਾਮ
ਬਹਿਕ ਵੀ ਜਾਂਦੀ ਹੈ
ਪਰ ਤੇਰੇ ਪਾਏ ਪੂਰਨੇ
ਮੈਨੂੰ ਹਰ ਵਾਰ
ਸੇਧ ਦਿੰਦੇ ਨੇ

ਤੇਰੀ ਗੈਰ-ਹਾਜ਼ਰੀ ਵੇਲੇ
ਮੈਂ ਆਪਣੇ ਅੰਦਰ ਉੱਡ ਰਹੀਆਂ
ਤਿਤਲੀਆਂ ਦੇ ਖੰਭਾਂ ਨੂੰ
ਤੇਰੀ ਗੈਰ-ਹਾਜ਼ਰੀ ਦੀ ਬੇਵਸੀ ਦਾ
ਜਾਲ ਪਾ ਕੇ
ਕੋਨੇ ਲੱਗ ਕੇ ਬਹਿਨ ਨੂੰ
ਮਜਬੂਰ ਕਰ ਦਿੰਦੀ ਹਾਂ
ਪਰ ਤਿਤਲੀਆਂ ਦੇ ਪਰ
ਆਪਣੀ ਹੀ ਕਿਸੇ ਬੇਵਸੀ ਨੂੰ
ਫੜਫੜਾਉਂਦੇ ਰਹਿੰਦੇ ਨੇ

ਤੇਰੀ ਗੈਰ-ਹਾਜ਼ਰੀ ਵੇਲੇ
ਮਨ ਦੇ ਕੈਨਵਸ ਤੇ
ਮੁੱਠਾਂ ਭਰ ਭਰ ਰੰਗੇ ਰੋੜਦੀ ਹਾਂ
ਤੇ ਅਚਨਚੇਤ ਜਿਹੇ ਹੀ
ਤੇਰੀ ਹੀ ਤਸਵੀਰ ਉਭਰ ਆਉਂਦੀ ਹੈ

ਕਸਤੂਰੀ ਦਾ ਵਾਸ ਤਾਂ
ਆਪਣੇ ਹੀ ਅੰਦਰ ਹੁੰਦਾ ਹੈ
ਫੇਰ ਪਤਾ ਨੀ ਕਿਓਂ ਮੈਂ ਤੈਨੂੰ
ਖੁਸ਼ਬੂਆਂ 'ਚ
ਖਿਆਲਾਂ 'ਚ
ਹੰਝੂਆਂ 'ਚ
ਹਾਸਿਆਂ 'ਚ
ਰੰਗਾਂ 'ਚ
ਹਰਫਾਂ 'ਚ
ਭਾਲਦੀ ਰਹਿੰਦੀ ਹਾਂ
ਤੇਰੀ ਗੈਰ-ਹਾਜ਼ਰੀ ਵੇਲੇ ........

Thursday, June 11, 2009

ਮੌਲਾ ਜੇ ਤੌਫੀਕ ਦੇਵੇ............

ਜ਼ਿੰਦਗੀ ਅਲਗ ਅਲਗ ਰੰਗਾਂ ਵਿੱਚ ਮਿਲਦੀ ਹੈ, ਉਨ੍ਹਾਂ ਵਿੱਚੋਂ ਕੁੱਛ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਹੈ..........

ਸੰਗਦੀ ਸੰਗਾਉਂਦੀ ਮਿਲੀ
ਰਵਾਉਂਦੀ ਜਾਂ ਹਸਾਉਂਦੀ ਮਿਲੀ
ਖ਼ਾਰਾਂ ਉੱਤੇ ਫੁੱਲਾਂ ਦੀਆਂ
ਪੱਤੀਆਂ ਸਜਾਉਂਦੀ ਮਿਲੀ

ਯਾਰੀਆਂ ਪੁਗਾਉਂਦੀ ਮਿਲੀ
ਰੁੱਸੇ ਨੂੰ ਮਨਾਉਂਦੀ ਮਿਲੀ
ਦਗਾ ਦੇਣ ਵਾਲਿਆਂ ਨੂੰ
ਦਿਲੋਂ ਵੀ ਇਹ ਲਾਹੁੰਦੀ ਮਿਲੀ

ਦੇਵੇ ਹੌਕਾ ਉਨ੍ਹਾਂ ਨੂੰ ਜੋ
ਦੂਰ ਮਜਬੂਰ ਨੇ
ਪਾਲੇ ਹੋਏ ਸੱਪਾਂ ਦੇ ਇਹ
ਜ਼ਹਿਰ ਮੁਕਾਉਂਦੀ ਮਿਲੀ

ਮੇਰੀਆਂ ਉਡੀਕਾਂ ਨੂੰ ਜੇ
ਬੂਰ ਪਵੇ ਵਸਲਾਂ ਦਾ
ਦੂਰੀਆਂ ਦਾ ਉਦੋਂ ਹੀ ਇਹ
ਸੂਲ ਚੁਭਾਉਂਦੀ ਮਿਲੀ

ਮਿਲੀ ਹਰ ਸ਼ਾਮ ਮੈਨੂੰ
ਰੁੱਖਾਂ ਦੀਆਂ ਸ਼ਾਖਾਂ ਉੱਤੇ
ਹਰ ਸੁਬਹਾ ਬੱਚਿਆਂ ਨੂੰ
ਚੋਗ ਚੁਗਾਉਂਦੀ ਮਿਲੀ

ਮੌਲਾ ਜੇ ਤੌਫੀਕ ਦੇਵੇ
ਉਹਦੀ ਹੀ ਰਜ਼ਾ 'ਚ ਚੱਲਾਂ
ਉਸੇ ਦੀ ਹੀ ਹਾਂ ਦੇ ਵਿੱਚ
ਹਾਂ ਇਹ ਰਲਾਉਂਦੀ ਮਿਲੀ

ਕਲਮ ਮੇਰੀ ਨੂੰ ਰੱਬਾ
ਬਲ ਮਿਲੇ, ਛਲ ਨਹੀ
ਮਾਲਕਾ ਇਹ ਅੱਠੋ ਪਹਿਰ
ਤੇਰੇ ਗੁਣ ਗਾਉਂਦੀ ਮਿਲੀ


-ਰੇਣੂ-

Sunday, May 31, 2009

ਹੈ ਤੇ ਸੀ ਦਾ ਫਰਕ .......


ਹਨੇਰੀ

ਜੱਦ ਵੀ ਆਉਂਦੀ ਹੈ

ਪੱਤੇ ਝੜ ਹੀ ਜਾਂਦੇ ਨੇ

ਜ਼ਿੰਦਗੀ ਦੀਆਂ ਹਨੇਰੀਆਂ 'ਚ

ਕਈ ਰਿਸ਼ਤੇ ਝੜ ਜਾਂਦੇ ਨੇ

ਸ਼ਾਇਦ ਇਹੀ ਨਿਯਮ ਹੁੰਦਾ ਹੋਣਾ

ਕੁਦਰਤ ਦਾ

'ਹੈ' ਨੂੰ 'ਸੀ' ਵਿੱਚ ਤਬਦੀਲ ਹੁੰਦੇ

ਬਹੁਤੀ ਦੇਰ ਨਹੀ ਲਗਦੀ

'ਹੈ' ਨੂੰ 'ਹੈ' ਰੱਖਣ ਵਿਚ

ਲਗਦਾ ਹੈ

ਸਿਰ੍ਫ ਮੋਹ!!

ਤੇਰੇ ਖਤ

ਤੇਰੇ ਖਤ
ਅੱਜ ਵੀ ਸਾਂਭ ਰੱਖੇ ਨੇ
ਚਾਹੁੰਦੀ ਤਾ ਜਲਾ ਦਿੰਦੀ
ਜਾਂ ਵਹਾ ਦਿੰਦੀ
ਉਂਝ ਪਤਾ ਮੈਨੂੰ ਵੀ ਹੈ
ਕਿ ਭਵਿੱਖ
ਕਾਰ ਦੇ ਫ੍ਰਂਟ ਵਿਯੂ ਮਿਰਰ ਵਾਂਗ ਹੈ
ਜਿਸ ਤੇ ਹੀ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ
ਤੇ ਅਤੀਤ
ਬੈਕ ਵਿਯੂ ਮਿਰਰ ਵਾਂਗ
ਜਿਸ ਤੇ ਨਜ਼ਰ ਰਖਨੀ ਵੀ ਜਰੂਰੀ ਹੈ
ਇਹ ਤੇਰੇ ਖਤ
ਬੈਕ ਵਿਯੂ ਮਿਰਰ ਉੱਤੇ ਨਿਗਾਹ ਰਖਦਿਆਂ
ਮੈਨੂੰ ਫ੍ਰਂਟ ਵਿਯੂ ਮਿਰਰ ਤੇ ਕੇਂਦਰਿਤ ਹੋਣ ਲਈ ਪ੍ਰੇਰਦੇ ਨੇ
ਆਪਣੇ ਮਕਸਦ ਨੂੰ ਸੇਧ ਦੇਣ ਖਾਤਿਰ
ਤੇਰੇ ਇਹ ਖਤ
ਸਾਂਭ ਰੱਖੇ ਨੇ
ਅੱਜ ਵੀ!!!

ਨੈਣਾਂ ਦੇ ਵਣਜ

ਨੈਣਾਂ ਵਿਚੋਂ ਵਗਦਾ ਹੰਜੂ
ਮੇਰੇ ਸਾਹਵੇਂ ਆ ਖਲੋਇਆ
ਪੁੱਛਦਾ ਨੈਣਾਂ ਦੀ ਵਣਜਾਂ ਚੋਂ
ਕੀ ਪਾਇਆ ਤੇ ਕੀ ਤੂੰ ਖੋਇਆ

ਨੈਣਾਂ ਦੇ ਨੇ ਵਣਜ ਕਸੂਤੇ
ਲੁੱਟ ਜੇ ਬੰਦਾ ਸੁੱਤੇ ਸੁੱਤੇ
ਜਾਂ ਤਾਂ ਨੈਣੀਂ ਨਿੰਦਰ ਨਾਹੀਂ
ਜਾਂ ਨਿੰਦਾਂ ਚੋਂ ਖਾਬ ਵੀ ਮੋਇਆ

ਨੈਣਾਂ ਦੇ ਇਹ ਵਣਜ ਨਿਰਾਲੇ
ਜੋ ਵੀ ਪਿਆਰ ਨੂੰ ਦਿਲ ਵਿੱਚ ਪਾਲੇ
ਦਿਨੇ ਤਪੇ ਉਹ ਸੂਰਜ ਵਾਂਗੂ
ਰਾਤੀਂ ਤਾਰਿਆਂ ਦੇ ਨਾਲ ਰੋਇਆ

ਨੈਣਾਂ ਦੇ ਇਹ ਵਣਜ ਅਨੋਖੇ
ਪੀੜਾਂ ਡਾਹਡੀਆਂ ਦੁਖ ਵੀ ਚੋਖ਼ੇ
ਇਹਨਾਂ ਸਮੁੰਦਰਾਂ ਵਿਚੋ ਤਰ ਕੇ
ਅੱਜ ਤਾਈਂ ਕੋਈ ਪਾਰ ਨਾ ਹੋਇਆ

ਨੈਣਾਂ ਦੇ ਇਹ ਖੇਡ ਅਜੀਬ
ਅਖੋਂ ਦੂਰ ਜੋ ਦਿਲੋਂ ਕਰੀਬ
ਨੈਣਾਂ ਥਾਨੀ ਦਿਲ 'ਚ ਉਤਰਿਆ
ਹੰਜੂ ਬਣ ਉਹ ਵਾਪਿਸ ਹੋਇਆ

ਮੈਂ ਫਿਰ ਉਸਨੂੰ ਕਿਹਾ ਚੰਦਰਿਆ
ਰੋਜ ਇੰਜ ਤੂੰ ਆਇਆ ਨਾ ਕਰ
ਆਪਣੇ ਨੈਣਾਂ ਨੂੰ ਸੁੰਞੇ ਕਰ
ਜਾ ਪਲਕਾਂ ਦਾ ਬੂਹਾ ਢੋਇਆ.....

ਅਹਿਸਾਸ ਦਾ ਰਿਸ਼ਤਾ

ਕਲ ਜਦੋਂ ਮੈਂ ਆਫਿਸ ਵਿੱਚ ਸੀ ਤਾਂ ਮੈਨੂੰ ਮੇਰੇ ਵੀਰ ਦਾ ਫੋਨੇ ਆਇਆ. ਸੁਨੇਹਾ ਸੀ ਕਿ ਦੂਰ ਦੇ ਰਿਸ਼ਤੇ ਵਿੱਚ ਮਾਮੀ ਜੀ ਪੂਰੇ ਹੋ ਗਏ. "ਦੂਰ ਦੇ" ਇਸ ਕਰ ਕੇ ਕਿ ਮੇਰੇ ਵਿਆਹ ਤੋਂ ਬਾਦ ਮਿਲਨਾ -ਜੁਲਨਾ ਘੱਟ ਹੁੰਦੇ ਹੁੰਦੇ ਖਤਮ ਹੀ ਹੋ ਗਿਆ ਸੀ, ਪਰ ਜੋ ਅਹਿਸਾਸ ਦਾ ਰਿਸ਼ਤਾ ਮੈਂ ਨਿਭਾ ਰਹੀ ਸੀ ਉਹਨਾ ਨਾਲ, ਉਸ ਨੇ ਮੇਰੀਆਂ ਅੱਖਾਂ ਗਿੱਲੀਆਂ ਕਰ ਦਿੱਤੀਆਂ.. ਸ਼ਾਮ ਨੂੰ ਉਹਨਾ ਦੇ ਘਰ ਫੋਨ ਕਰ ਕੇ ਜਿਵੇਂ ਮੈਂ ਆਪਣੇ ਓਥੇ ਹੋਣ ਦੀ ਖਾਨਪੂਰਤੀ ਕਰ ਦਿੱਤੀ. ਰਾਤ ਸੋਚਦੀ ਰਹੀ ਕਿ ਉਠਾਲਾ ਪਤਾ ਨਹੀਂ ਕਿਹੜੇ ਦਿਨ ਦਾ ਬਣੇਗਾ.ਜੇ ਛੁੱਟੀ ਵਾਲਾ ਦਿਨ ਹੋਇਆ ਤਾਂ ਜਾ ਆਵਾਂਗੀ ਨਹੀ ਤਾ ਫਿਰ ਫੋਨ ਹੀ ਕਰ ਦਿਆਂਗੀ.

ਅੱਜ ਸਵੇਰੇ ਉੱਠੀ ਤਾਂ ਉਹੀ ਰੋਜਮਰਾ ਦੇ ਕੰਮ ਸ਼ੁਰੂ ਸੀ. ਖਾਨਾ ਬਣਾਨਾ ਸੀ, ਇਸ ਲਈ ਆਟਾ ਗੁੰਨਨਾ ਸ਼ੁਰੂ ਕੀਤਾ . ਆਟਾ ਗੁੰਨਦਿਆਂ ਯਾਦ ਆਇਆ ਕਿ ਜੋ ਮਾਮੀ ਜੀ ਕੱਲ ਪੂਰੇ ਹੋਏ, ਮੈਨੂੰ ਆਟਾ ਗੁੰਨਨਾ ਉਹਨਾ ਨੇ ਹੀ ਸਿਖਾਇਆ ਸੀ..... ਫਿਰ ਹੋਰ ਵੀ ਯਾਦਾਂ ਦੀ ਸਿਲਸਿਲੇ ਤੁਰ ਪਏ..ਐਨੇ ਨੂੰ ਸ੍ਕੂਲ ਬੱਸ ਦੇ ਹੋਰਾਂ ਨੇ ਵਾਪਿਸ ਅੱਜ ਵਿਚ ਪਹੁੰਚਾ ਦਿੱਤਾ. ਹੁਣ ਫਿਰ ਆਫਿਸ ਵਿਚ ਹੀ ਹਾਂ.. ਅਤੇ ਸੋਚ ਰਹੀ ਹਾਂ ਕਿ ਏ.ਸੀ. ਆਫੀਸਾਂ ਵਿੱਚ ਬੈਠ ਕੇ ਜਿਵੇਂ ਧੁੱਪ ਛਾਂਹ ਦੇ ਅਹਿਸਾਸ ਮੁੱਕ ਜਾਂਦੇ ਨੇ, ਉਵੇਂ ਹੀ ਜ਼ਿੰਦਗੀ ਵਿੱਚੋਂ ਰਿਸ਼ਤਿਆਂ ਦੇ ਅਹਿਸਾਸ ਵੀ ਮੁੱਕਦੇ ਜਾਂਦੇ ਨੇ

Sunday, April 12, 2009

ਤਾਣਾ - ਬਾਣਾ ......................

ਰਾਹ
ਗਵਾਹ ਸੋਚਾਂ ਦੇ
ਸੋਚ
ਜ਼ਹਿਨ ਦੀ ਉਥਲ ਪੁਥਲ
ਜ਼ਹਿਨ
ਘਰ ਅੱਧੀਆਂ ਪੂਰੀਆਂ ਖਵਾਹਿਸ਼ਾਂ ਦਾ
ਖਵਾਹਿਸ਼ਾਂ
ਹੱਥਾਂ ਦੀਆਂ ਨਾ-ਮਨਜ਼ੂਰ ਲਕੀਰਾਂ
ਲਕੀਰਾਂ
ਕਸ਼-ਮ-ਕਸ਼ ਤਕਦੀਰ ਤੇ ਤਦਬੀਰ ਦੀ
ਕਸ਼-ਮ-ਕਸ਼
ਦਿਲ ਤੇ ਦਿਮਾਗ ਦੀ
ਦਿਮਾਗ ਹਾਨੀ ਸੱਚ ਦਾ
ਸੱਚ ਮੰਜ਼ਿਲ ਤੇ ਅੱਪੜਨਾ
ਮੰਜ਼ਿਲ
ਹਜ਼ਾਰਾਂ ਪਗਡੰਡਿਆਂ ਰਾਹਾਂ ਦੀਆਂ
ਰਾਹ
ਗਵਾਹ ਸੋਚਾਂ ਦੇ
........................
............................
....................................

Friday, March 13, 2009

ਗੱਲ ਕਰੋ

ਬਣੀਆਂ ਨੇ ਇਹ ਕਹਿਣ ਸੁਨਣ ਦੀਆਂ
ਬਾਤਾਂ ਅੱਜ ਦੇ ਦੌਰ ਦੀਆਂ
ਛੱਡੋ ਵੀ ਹੁਣ ਪਿਆਰ ਮੁਹੱਬਤ
ਕੋਈ ਵਿਹਾਰ ਦੀ ਗੱਲ ਕਰੋ

ਘੜ ਕੇ ਦੇ ਦੇਵੇ ਜੋ ਮੈਨੂੰ
ਸੋਨੇ ਦੀ ਥਾਂ ਪਿੱਤਲ ਨੂੰ
ਇਸ ਮਹਿੰਗਾਈ ਵਾਲੇ ਯੁਗ ਵਿੱਚ
ਉਸ ਸੁਨਾਰ ਦੀ ਗੱਲ ਕਰੋ

ਨਿਜ ਤੋਂ ਪਰ ਦੀ ਵਾਟ ਸੀ ਲੰਮੀ
ਪਰ ਤੋਂ ਨਿਜ ਦੀ ਵਾਪਸੀ
ਪਾ ਦਿੱਤਾ 'ਜਿਸ' ਚੱਕਰਾਂ ਦੇ ਵਿਚ
'ਉਸ' ਸੰਸਾਰ ਦੀ ਗੱਲ ਕਰੋ

ਦਮ ਸੀ ਭਰਿਆ ਕਰਦਾ ਉਹ ਜੋ
ਆਪਣੀ ਪ੍ਰੇਮ ਕਹਾਣੀ ਦਾ
ਗੱਲ ਜਿੱਥੇ ਆ ਮੁੱਕ ਗਈ ਹੈ
ਉਸ ਤਕਰਾਰ ਦੀ ਗੱਲ ਕਰੋ

ਵਕ਼ਤ ਤਾਂ ਮਰਹਮ ਬਣ ਹੀ ਜਾਂਦਾ
ਛੋਟੇ ਵੱਡੇ ਜ਼ਖਮਾਂ ਦਾ
ਪਰ ਉਹ ਘਾਵ ਨੇ ਦਿੱਤੇ ਜਿਸਨੇ
ਉਸ ਔਜ਼ਾਰ ਦੀ ਗੱਲ ਕਰੋ

ਸੁੱਕ ਗਈਆਂ ਸੀ ਚਾਅਵਾਂ ਵੀ ਜੱਦ
ਸੁੱਕੀ ਲੱਕੜ ਵਾਂਗੂ ਹੀ
ਸਾੜ ਕੇ ਕੋਲਾ ਕੋਲਾ ਕਿੱਤਾ
ਉਸ ਅੰਗਾਰ ਦੀ ਗੱਲ ਕਰੋ

ਕਹਿ ਕੇ ਨਾ ਕੋਈ ਆਪਣਾ ਬਣਦਾ
ਇਸ ਗੱਲ ਦੀ ਤਸਦੀਕ ਹੋ ਗਈ
ਨੇੜੇ ਲੈ ਆਈ ਜੋ ਸਾਨੂੰ
ਉਸ ਦਰਕਾਰ ਦੀ ਗੱਲ ਕਰੋ

ਦਮ ਵੀ ਦੱਸੋ ਕਿੰਨਾ ਹੋਣਾ
ਗਾਰੇ ਦੀਆਂ ਚਿਣਾਈਆਂ ਦੇ ਵਿੱਚ
ਕੱਚਿਆਂ ਕੰਧਾਂ ਵਾਂਗ ਜੋ ਹਿੱਲ ਗਿਆ
ਉਸ ਇਤਬਾਰ ਦੀ ਗੱਲ ਕਰੋ

ਆ ਕੇ ਗੁਜ਼ਰ ਹੀ ਜਾਂਦੇ ਝੱਖੜ
ਨਾ ਦੇ ਮਨਾਂ ਸਫਾਈਆਂ ਤੂੰ
ਨੀਤ ਮੇਰੀ ਤੇ ਸ਼ੱਕ ਕਰੋ ਜੋ
ਗਮ-ਗੁਸਾਰ ਦੀ ਗੱਲ ਕਰੋ

Monday, March 9, 2009

ਸਿਫ਼ਰ

ਸਿਫ਼ਰ

ਜਿਸ 'ਚ

ਜੋੜ

ਘਟਾ

ਜ਼ਰਬ

ਤਕਸੀਮ

ਕੁਛ ਵੀ ਕਰੀ ਜਾਓ

ਕੋਈ ਫਰਕ ਨਹੀਂ ਪੈਂਦਾ ..

ਇਨ੍ਸਾਨ ਦਾ ਵੀ ਮੁੱਲ

ਕਿਸੇ ਸਿਫ਼ਰ ਤੋਂ ਵਧ ਨਹੀਂ

ਲੋੜ ਹੈ

ਉਸਨੂੰ ਉਸ ਦੀ ਥਾਂ ਦੇਣ ਦੀ

ਕਿ

ਸਿਫ਼ਰ

੧ ਤੋਂ ਬਾਦ ਲਗਦਾ

ਜਾਂ ਪਹਿਲਾਂ ..........

Monday, February 9, 2009

ਖਵਰੇ ਕੀ ਹੋਇਆ

ਖਵਰੇ ਕੀ ਹੋਇਆ ਕਿਓਂ ਮੇਰੀ
ਕਲਮ ਦੇ ਅੱਖਰ ਮੁਕ ਜਾਂਦੇ ਨੇ

ਕਈ ਵਾਰੀ ਤਾਂ ਇੰਝ ਵੀ ਹੁੰਦਾ
ਵਗਦੇ ਦਰਿਆ ਸੁਕ ਜਾਂਦੇ ਨੇ

ਤੁਰਦੇ ਤੁਰਦੇ ਲੰਬੇ ਰਸਤੇ
ਅਗਲੇ ਮੋੜ ਤੇ ਮੁਕ ਜਾਂਦੇ ਨੇ

ਪੱਤੇ ਜਿਓਂ ਪਤਝਰ੍ਹ ਦੀ ਰੁਤ ਵਿਚ
ਪੇੜਾਂ ਨਾਲੋਂ ਟੁੱਟ ਜਾਂਦੇ ਨੇ

ਸੁੰਨ ਜਿਹੀ ਆ ਬਹਿੰਦੀ ਤਨ ਤੇ
ਗਮ ਜਦ ਮਨ ਵਿਚ ਲੁਕ ਜਾਂਦੇ ਨੇ

ਰੇਤ ਦੇ ਸਿਰਜੇ ਹੋਏ ਘਰੋਂਦੇ
ਇੱਕ ਠੋਕਰ ਨਾਲ ਟੁੱਟ ਜਾਂਦੇ ਨੇ


ਹੁਣ ਚਿਹਰੇ ਦੀ ਪਰਤਾਂ ਥੱਲੇ
ਭਾਵ ਅੰਦਰ ਦੇ ਛੁਪ ਜਾਂਦੇ ਨੇ

ਤੂੰ ਵੀ ਆ ਕੇ ਮਿਲ ਜਾ ਇਕ ਦਿਨ
ਸਾਹ ਮੁਕਦੇ ਮੁਕਦੇ ਮੁਕ ਜਾਂਦੇ ਨੇ